ਗ਼ਜ਼ਲ

ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ
ਉਦੋਂ ਨ੍ਹੇਰਾ ਮਚਾਵਣ ਲਈ ਘਰੋਂ ਉਹ ਨਿਕਲ ਆਉਂਦਾ ਹੈ

ਬਿਰਖ ਖਿੜਿਆ ਬਹਾਰਾਂ ਵਿਚ ਨਹੀਂ ਉਸਨੂੰ ਕਦੇ ਭਾਉਂਦਾ
ਜਦੋਂ ਤਕ ਸੁੱਕ ਨ ਜਾਵੇ ਜੜ੍ਹਾਂ ਵਿਚ ਤੇਲ ਪਾਉਂਦਾ ਹੈ

ਲਿਆਕਤ ਤੋਂ ਵਧੇਰੇ ਮਨ 'ਚ ਉਹ ਹਓਮੈਂ ਵਸਾ ਬੈਠਾ
ਪਹਾੜੀ ਤੋਂ ਜਗਤ ਕੀੜਾ-ਮਕੌੜਾ ਨਜ਼ਰ ਆਉਂਦਾ ਹੈ

ਕਦੇ ਜੇ ਵੱਸ ਚਲੇ ਅਸਮਾਨ ਨੂੰ ਉਹ ਲਾ ਦਵੇ ਟਾਕੀ
ਧਰਤ ਦੇ ਹੇਠ ਬੌਲਦ ਨੂੰ ਸਦਾ ਘੂਰੀ ਦਿਖਾਉਂਦਾ ਹੈ

ਗੀਤ

ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ
ਵੇ ਤੇਰੀ ਕੋਈ ਸੋਅ ਨ ਪਵੇ
ਤੂੰ ਤੇ ਬਹਿ ਗਿਓਂ ਦੁਮੇਲਾਂ ਕੋਲ ਜਾ ਕੇ
ਵੇ ਸਾਡੀ ਕਿਹੜਾ ਸਾਰ ਜੋ ਲਵੇ

ਦਮਾਂ ਦੀਆਂ ਚਮਕਾਂ ਨੇ ਤੈਨੂੰ ਭਰਮਾ ਲਿਆ
ਛੱਡ ਗਿਓਂ ਜੀਣ ਦੇ ਵਿਹਾਰ ਵੇ
ਅੱਲੜੀ ਵਰੇਸ ਨੇ ਕਰਾਰ ਜਿਹੜੇ ਕੀਤੜੇ ਸੀ
ਤੋੜ ਗਿਓਂ ਅੱਧ-ਵਿਚਕਾਰ ਵੇ
ਮੋਹ ਦੀਆਂ ਛਿਲਤਾਂ ਕਲੇਜੇ ਧੁਹ ਪਾਉਂਦੀਆਂ
ਜਦ ਤਾਈਂ ਜੂਨ ਇਹ ਰਵ੍ਹੇ

ਗੀਤ

ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ
ਸੱਪਣੀ ਦੀ ਅੱਖ ਦਾ ਸਰੂਰ
ਅੰਬਰਾਂ ਤੋਂ ਪਾਰ ਜੋ ਫ਼ਰਿਸ਼ਤੇ ਵੀ ਵੱਸਦੇ ਨੇ
ਧਰਤੀ ਦਾ ਝਾਕਦੇ ਨੇ ਨੂਰ

ਮਿਹਨਤਾਂ-ਮੁਸ਼ੱਕਤਾਂ 'ਚ ਰੱਤ ਜਿਹੜੇ ਡੋਲ੍ਹਦੇ ਨੇ
ਸ਼ਾਮ ਵੇਲੇ ਪਲ ਵਿਸ਼ਰਾਮ
ਆਲ੍ਹਣੇ 'ਚ ਬੈਠ ਕੇ ਸਕੂਨ ਘੜੀ ਮਾਣਦੇ ਨੇ
ਦੁੱਖਾਂ ਵਾਲੇ ਘੋੜ ਬੇ ਲਗਾਮ
ਦੁਨੀਆ ਹੀ ਘਰ ਭਾਵੇਂ ਬੰਦੇ ਦਾ ਹੈ ਹੋਂਵਦੀ
ਕੁਲੀ ਜੇਹਾ ਕਿਤੇ ਨ ਗ਼ਰੂਰ

ਗ਼ਜ਼ਲ

ਜਦੋਂ ਫ਼ਰਿਆਦ ਨਹੀਂ ਸੁਣਦਾ , ਝੁਕਾ ਕੇ ਸੀਸ ਕੀ ਕਰਨਾ
ਝੁਕਾਵਣ ਵਾਸਤੇ ਉਸਨੂੰ, ਤਲੀ 'ਤੇ ਸੀਸ ਇਹ ਧਰਨਾ

ਸੁਣਾਵਣ ਵਾਸਤੇ ਦੁੱਖੜਾ, ਗਿਆ ਹਾਂ ਜਦ ਕਦੇ ਵੀ ਮੈਂ
ਹਕੂਮਤ ਨੇ ਬਣਾ ਦਿਤਾ, ਹੈ ਮੈਨੂੰ ਖੇਤ ਦਾ ਡਰਨਾ

ਜਿਦ੍ਹੇ ਸਿਰ 'ਤੇ ਸਜਾਈ ਸੀ, ਕਦੇ ਮੈਂ ਆਪ ਹੀ ਕਲਗ਼ੀ
ਉਹੀ ਹੁਣ ਆਖਦਾ ਮੈਨੂੰ, ਧਰਤ ਤੋ ਹੈ ਫ਼ਨਾ ਕਰਨਾ

ਸਜਾ ਕੇ ਦੇਖ ਲਓ ਮੇਰੇ, ਵੀ ਸੀਨੇ  ਤੇ ਕਦੇ ਫ਼ੀਤੇ
ਕਰਾਂ ਜੇ ਬੋਲ ਨਾ ਪੂਰੇ, ਜਿਸਮ ਤੋ ਸਿਰ ਜੁਦਾ ਕਰਨਾ

ਗ਼ਜ਼ਲ

ਨਜ਼ਰ ਤੋਂ ਦੂਰ ਰਹਿ ਕੇ ਵੀ ਜਿਗਰ ਅੰਦਰ ਸਮਾ ਜਾਣਾ
ਮੁਹੱਬਤ ਵਿਚ ਜ਼ਰੂਰੀ ਹੈ ਖ਼ੁਦੀ ਅਪਣੀ ਮਿਟਾ ਜਾਣਾ

ਸਦਾ ਉਪਕਾਰ ਕਰਕੇ ਤੇ ਵਿਚਰ ਕੇ ਸਹਿਜ ਦੇ ਅੰਦਰ
ਕਿਰਤ ਕਰਕੇ ਜਗਤ ਤਾਈਂ ਸਹੀ ਰਸਤਾ ਦਿਖਾ ਜਾਣਾ

ਬਹੁਤ ਵਿਰਲੇ ਤਿਰੇ ਮਾਰਗ 'ਤੇ ਜੋ ਨੇ ਚਲ ਰਹੇ ਬਾਬਾ !
ਤਿਰੇ ਬੇ ਦਾਗ਼ ਬਾਣੇ ਨੂੰ ਇਨ੍ਹਾਂ ਦਾਗ਼ੀ ਬਣਾ ਜਾਣਾ

ਜੜ੍ਹਾਂ ਵਿਚ ਤੇਲ ਦੇਂਦੇ ਨੇ ਜੋ ਵਸਤਰ ਪਹਿਨ ਕੇ ਨੀਲੇ
ਇਨ੍ਹਾਂ ਪੰਜਾਬ ਦਾ ਹਰ ਮੌਲਦਾ ਟਾਣ੍ਹਾ ਸੁਕਾ ਜਾਣਾ